Genesis 25

1ਅਬਰਾਹਾਮ ਨੇ ਇੱਕ ਹੋਰ ਪਤਨੀ ਵਿਆਹ ਲਈ, ਜਿਸ ਦਾ ਨਾਮ ਕਟੂਰਾਹ ਸੀ । 2ਉਸ ਨੇ ਜਿਮਰਾਨ, ਯਾਕਸਾਨ, ਮਦਾਨ, ਮਿਦਯਾਨ, ਯਿਸਬਾਕ ਅਤੇ ਸੂਅਹ ਨੂੰ ਜਨਮ ਦਿੱਤਾ । 3ਯਾਕਸਾਨ ਤੋਂ ਸਬਾ ਅਤੇ ਦਦਾਨ ਜੰਮੇ ਅਤੇ ਦਦਾਨ ਦੇ ਪੁੱਤਰ ਅੱਸੂਰਿਮ, ਲਟੂਸਿਮ ਅਤੇ ਲਉੱਮਿਮ ਸਨ । 4ਮਿਦਯਾਨ ਦੇ ਪੁੱਤਰ ਏਫਾਹ, ਏਫਰ, ਹਨੋਕ, ਅਬੀਦਾ ਅਤੇ ਅਲਦਾਆ ਸਨ । ਇਹ ਸਾਰੇ ਕਟੂਰਾਹ ਦੇ ਪੁੱਤਰ ਸਨ ।

5ਅਬਰਾਹਾਮ ਨੇ ਸਭ ਕੁਝ ਜੋ ਉਸ ਦਾ ਸੀ, ਇਸਹਾਕ ਨੂੰ ਦੇ ਦਿੱਤਾ, 6ਪਰ ਆਪਣੀਆਂ ਰਖ਼ੈਲਾਂ ਦੇ ਪੁੱਤਰਾਂ ਨੂੰ ਅਬਰਾਹਾਮ ਨੇ ਕੁਝ ਸੁਗ਼ਾਤਾਂ ਦੇ ਕੇ ਆਪਣੇ ਪੁੱਤਰ ਇਸਹਾਕ ਦੇ ਕੋਲੋਂ ਪੂਰਬ ਵੱਲ, ਪੂਰਬ ਦੇ ਦੇਸ਼ ਵਿੱਚ ਆਪਣੇ ਜੀਉਂਦੇ ਜੀ ਭੇਜ ਦਿੱਤਾ ।

7ਅਬਰਾਹਾਮ ਦੀ ਕੁੱਲ ਉਮਰ ਇੱਕ ਸੌ ਪੰਝੱਤਰ ਸਾਲ ਦੀ ਹੋਈ । 8ਅਬਰਾਹਾਮ ਚੰਗੇ ਬਿਰਧਪੁਣੇ ਵਿੱਚ ਅਰਥਾਤ ਪੂਰੇ ਬੁਢਾਪੇ ਵਿੱਚ ਆਪਣੇ ਪ੍ਰਾਣ ਤਿਆਗ ਕੇ ਮਰ ਗਿਆ ਅਤੇ ਆਪਣੇ ਲੋਕਾਂ ਵਿੱਚ ਜਾ ਮਿਲਿਆ ।

9ਤਦ ਉਸ ਦੇ ਪੁੱਤਰਾਂ ਇਸਹਾਕ ਅਤੇ ਇਸਮਾਏਲ ਨੇ ਉਸ ਨੂੰ ਮਕਫੇਲਾਹ ਦੀ ਗੁਫ਼ਾ ਵਿੱਚ, ਜੋ ਹਿੱਤੀ ਸ਼ੋਹਰ ਦੇ ਪੁੱਤਰ ਅਫਰੋਨ ਦੀ ਪੈਲੀ ਵਿੱਚ ਹੈ, ਜਿਹੜਾ ਮਮਰੇ ਦੇ ਸਾਹਮਣੇ ਹੈ, ਦੱਬ ਦਿੱਤਾ । 10ਅਰਥਾਤ ਉਸ ਜ਼ਮੀਨ ਵਿੱਚ ਜਿਹੜੀ ਅਬਰਾਹਾਮ ਨੇ ਹੇਤ ਦੇ ਪੁੱਤਰਾਂ ਤੋਂ ਮੁੱਲ ਲਈ ਸੀ, ਉੱਥੇ ਹੀ ਅਬਰਾਹਾਮ ਅਤੇ ਉਸ ਦੀ ਪਤਨੀ ਸਾਰਾਹ ਦੱਬੇ ਗਏ । 11ਅਬਰਾਹਾਮ ਦੀ ਮੌਤ ਤੋਂ ਬਾਅਦ ਪਰਮੇਸ਼ੁਰ ਨੇ ਉਸ ਦੇ ਪੁੱਤਰ ਇਸਹਾਕ ਨੂੰ ਬਰਕਤ ਦਿੱਤੀ ਅਤੇ ਇਸਹਾਕ ਬਏਰ-ਲਹੀ-ਰੋਈ ਕੋਲ ਰਹਿੰਦਾ ਸੀ ।

12ਅਬਰਾਹਾਮ ਦੇ ਪੁੱਤਰ ਇਸਮਾਏਲ, ਜਿਸ ਨੂੰ ਸਾਰਾਹ ਦੀ ਦਾਸੀ ਮਿਸਰੀ ਹਾਜਰਾ ਨੇ ਅਬਰਾਹਾਮ ਲਈ ਜਣਿਆ, ਉਸ ਦੀ ਵੰਸ਼ਾਵਲੀ ਇਹ ਹੈ ।

13ਇਸਮਾਏਲ ਦੇ ਪੁੱਤਰਾਂ ਦੇ ਨਾਮ ਅਤੇ ਉਨ੍ਹਾਂ ਦੀ ਵੰਸ਼ਾਵਲੀ ਇਹ ਹੈ: ਇਸਮਾਏਲ ਦਾ ਪਹਿਲੌਠਾ ਪੁੱਤਰ ਨਬਾਯੋਤ, ਫਿਰ ਕੇਦਾਰ, ਅਦਬਏਲ ਅਤੇ ਮਿਬਸਾਮ, 14ਮਿਸਮਾ, ਦੂਮਾਹ, ਮਸ਼ਾ, 15ਹਦਦ, ਤੇਮਾ, ਯਟੂਰ, ਨਾਫ਼ੀਸ ਅਤੇ ਕੇਦਮਾਹ । 16ਇਹ ਇਸਮਾਏਲ ਦੇ ਪੁੱਤਰ ਸਨ, ਅਤੇ ਇਨ੍ਹਾਂ ਦੇ ਨਾਮਾਂ ਦੇ ਅਨੁਸਾਰ ਉਨ੍ਹਾਂ ਦੇ ਪਿੰਡਾਂ ਅਤੇ ਉਨ੍ਹਾਂ ਦੀਆਂ ਛਾਉਣੀਆਂ ਦੇ ਨਾਮ ਵੀ ਰੱਖੇ ਗਏ ਅਤੇ ਇਹ ਬਾਰਾਂ ਹੀ ਆਪਣੇ-ਆਪਣੇ ਗੋਤਾਂ ਦੇ ਪ੍ਰਧਾਨ ਹੋਏ ।

17ਇਸਮਾਏਲ ਦੀ ਕੁੱਲ ਉਮਰ ਇੱਕ ਸੌ ਸੈਂਤੀ ਸਾਲ ਹੋਈ ਤਦ ਉਹ ਪ੍ਰਾਣ ਤਿਆਗ ਕੇ ਮਰ ਗਿਆ ਅਤੇ ਆਪਣੇ ਲੋਕਾਂ ਵਿੱਚ ਜਾ ਮਿਲਿਆ । 18ਉਸਦਾ ਵੰਸ਼ ਹਵੀਲਾਹ ਤੋਂ ਲੈ ਕੇ ਸ਼ੂਰ ਤੱਕ, ਜਿਹੜਾ ਅੱਸੂਰ ਵੱਲ ਜਾਂਦਿਆਂ ਮਿਸਰ ਦੇ ਸਾਹਮਣੇ ਹੈ, ਵੱਸ ਗਿਆ ਅਤੇ ਉਹ ਆਪਣੇ ਸਾਰੇ ਭਰਾਵਾਂ ਦੇ ਸਨਮੁਖ ਵੱਸ ਗਏ ।

19ਇਹ ਅਬਰਾਹਾਮ ਦੇ ਪੁੱਤਰ ਇਸਹਾਕ ਦੀ ਵੰਸ਼ਾਵਲੀ ਹੈ: ਅਬਰਾਹਾਮ ਤੋਂ ਇਸਹਾਕ ਜੰਮਿਆ, 20ਅਤੇ ਇਸਹਾਕ ਚਾਲ੍ਹੀ ਸਾਲ ਦਾ ਹੋਇਆ ਜਦ ਉਹ ਰਿਬਕਾਹ ਨੂੰ ਆਪਣੀ ਪਤਨੀ ਬਣਾਉਣ ਲਈ ਲੈ ਆਇਆ, ਜਿਹੜੀ ਪਦਨ ਅਰਾਮ ਦੇ ਵਾਸੀ ਬਥੂਏਲ ਅਰਾਮੀ ਦੀ ਧੀ ਸੀ ਅਤੇ ਲਾਬਾਨ ਅਰਾਮੀ ਦੀ ਭੈਣ ਸੀ ।

21ਇਸਹਾਕ ਨੇ ਯਹੋਵਾਹ ਕੋਲੋਂ ਆਪਣੀ ਪਤਨੀ ਲਈ ਬੇਨਤੀ ਕੀਤੀ ਕਿਉਂ ਜੋ ਉਹ ਬਾਂਝ ਸੀ, ਤਦ ਯਹੋਵਾਹ ਨੇ ਉਸ ਦੀ ਬੇਨਤੀ ਸੁਣੀ ਅਤੇ ਰਿਬਕਾਹ ਉਸ ਦੀ ਪਤਨੀ ਗਰਭਵਤੀ ਹੋਈ । 22ਬੱਚੇ ਉਸ ਦੀ ਕੁੱਖ ਵਿੱਚ ਇੱਕ ਦੂਜੇ ਨਾਲ ਘੁਲਦੇ ਸਨ, ਤਦ ਉਸ ਨੇ ਆਖਿਆ, ਜੇਕਰ ਮੇਰੀ ਹਾਲਤ ਇਸੇ ਤਰ੍ਹਾਂ ਹੀ ਰਹੀ ਤਾਂ ਮੈਂ ਕਿਵੇਂ ਜੀਉਂਦੀ ਰਹਾਂਗੀ ? ਤਦ ਉਹ ਯਹੋਵਾਹ ਕੋਲੋਂ ਪੁੱਛਣ ਗਈ ।

23ਤਦ ਯਹੋਵਾਹ ਨੇ ਉਸ ਨੂੰ ਆਖਿਆ, ਤੇਰੀ ਕੁੱਖ ਵਿੱਚ ਦੋ ਕੌਮਾਂ ਹਨ ਅਤੇ ਤੇਰੀ ਕੁੱਖੋਂ ਹੀ ਓਹ ਦੋਵੇਂ ਜਾਤੀਆਂ ਵੱਖਰੀਆਂ ਹੋ ਜਾਣਗੀਆਂ ਅਤੇ ਇੱਕ ਜਾਤੀ ਦੂਜੀ ਜਾਤੀ ਨਾਲੋਂ ਬਲਵੰਤ ਹੋਵੇਗੀ ਅਤੇ ਵੱਡਾ ਛੋਟੇ ਦੀ ਸੇਵਾ ਕਰੇਗਾ ।

24ਜਦ ਉਸ ਦੇ ਜਣਨ ਦੇ ਦਿਨ ਪੂਰੇ ਹੋਏ ਤਾਂ ਵੇਖੋ ਉਸ ਦੀ ਕੁੱਖ ਵਿੱਚ ਜੁੜਵਾਂ ਬੱਚੇ ਸਨ । 25ਪਹਿਲੌਠਾ ਸਾਰੇ ਦਾ ਸਾਰਾ ਲਾਲ ਜੱਤ ਵਾਲੇ ਬਸਤਰ ਵਰਗਾ ਬਾਹਰ ਨਿੱਕਲਿਆ, ਇਸ ਲਈ ਉਨ੍ਹਾਂ ਨੇ ਉਸ ਦਾ ਨਾਮ ਏਸਾਓ ਰੱਖਿਆ । 26ਉਸ ਦੇ ਬਾਅਦ ਉਸ ਦਾ ਭਰਾ ਨਿੱਕਲਿਆ ਅਤੇ ਉਸ ਦੇ ਹੱਥ ਨੇ ਏਸਾਓ ਦੀ ਅੱਡੀ ਫੜੀ ਹੋਈ ਸੀ, ਤਾਂ ਉਸ ਦਾ ਨਾਮ ਯਾਕੂਬ ਰੱਖਿਆ ਗਿਆ । ਜਦ ਰਿਬਕਾਹ ਨੇ ਉਨ੍ਹਾਂ ਨੂੰ ਜਨਮ ਦਿੱਤਾ ਉਸ ਸਮੇਂ ਇਸਹਾਕ ਸੱਠ ਸਾਲ ਦਾ ਸੀ ।

27ਉਹ ਮੁੰਡੇ ਵੱਡੇ ਹੋਏ । ਏਸਾਓ ਨਿਪੁੰਨ ਸ਼ਿਕਾਰੀ ਬਣਿਆ ਅਤੇ ਮੈਦਾਨ ਵਿੱਚ ਰਹਿਣ ਵਾਲਾ ਸੀ ਅਤੇ ਯਾਕੂਬ ਭੋਲਾ ਭਾਲਾ ਅਤੇ ਤੰਬੂਆਂ ਵਿੱਚ ਰਹਿਣ ਵਾਲਾ ਸੀ । 28ਇਸਹਾਕ ਏਸਾਓ ਨੂੰ ਪਿਆਰ ਕਰਦਾ ਸੀ ਕਿਉਂ ਜੋ ਉਹ ਉਸ ਲਈ ਸ਼ਿਕਾਰ ਫੜ੍ਹ ਕੇ ਲਿਆਉਂਦਾ ਸੀ ਪਰ ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ ।

29ਇੱਕ ਦਿਨ ਯਾਕੂਬ ਦਾਲ ਪਕਾ ਰਿਹਾ ਸੀ ਅਤੇ ਏਸਾਓ ਮੈਦਾਨ ਵਿੱਚੋਂ ਥੱਕਿਆ ਹੋਇਆ ਆਇਆ । 30ਤਦ ਏਸਾਓ ਨੇ ਯਾਕੂਬ ਨੂੰ ਆਖਿਆ, ਇਸੇ ਲਾਲ ਦਾਲ ਵਿੱਚੋਂ ਮੈਨੂੰ ਵੀ ਖਾਣ ਨੂੰ ਦੇ, ਕਿਉਂ ਜੋ ਮੈਂ ਥੱਕਿਆ ਹੋਇਆ ਹਾਂ । ਇਸੇ ਕਾਰਨ ਉਸ ਦਾ ਨਾਮ ਅਦੋਮ ਪੈ ਗਿਆ ।

31ਯਾਕੂਬ ਨੇ ਆਖਿਆ, ਤੂੰ ਅੱਜ ਆਪਣਾ ਪਹਿਲੌਠਾ ਹੋਣ ਦੇ ਹੱਕ ਨੂੰ ਮੈਨੂੰ ਵੇਚ ਦੇ । 32ਏਸਾਓ ਨੇ ਆਖਿਆ, ਵੇਖ, ਮੈਂ ਮਰ ਰਿਹਾ ਹਾਂ । ਇਹ ਪਹਿਲੌਠਾ ਹੋਣਾ ਮੇਰੇ ਕਿਸ ਕੰਮ ਦਾ ਹੈ ? 33ਯਾਕੂਬ ਨੇ ਆਖਿਆ, ਤੂੰ ਅੱਜ ਮੇਰੇ ਕੋਲ ਸਹੁੰ ਖਾਹ, ਤਾਂ ਉਸ ਨੇ ਸਹੁੰ ਖਾਧੀ ਅਤੇ ਆਪਣੇ ਪਹਿਲੌਠੇ ਹੋਣ ਦਾ ਹੱਕ ਯਾਕੂਬ ਕੋਲ ਵੇਚ ਦਿੱਤਾ । ਤਦ ਯਾਕੂਬ ਨੇ ਏਸਾਓ ਨੂੰ ਰੋਟੀ ਅਤੇ ਦਾਲ ਦਿੱਤੀ ਅਤੇ ਉਸ ਨੇ ਖਾਧਾ-ਪੀਤਾ ਅਤੇ ਉੱਠ ਕੇ ਆਪਣੇ ਰਾਹ ਚਲਾ ਗਿਆ । ਇਸ ਤਰ੍ਹਾਂ ਏਸਾਓ ਨੇ ਆਪਣੇ ਪਹਿਲੌਠੇ ਹੋਣ ਦੇ ਹੱਕ ਨੂੰ ਤੁੱਛ ਜਾਣਿਆ ।

34

Copyright information for PanULB